ਪੈਟਰੋਲ ਕੀਮਤ 'ਚ ਵਾਧੇ ਖ਼ਿਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ

ਐਨ. ਡੀ. ਏ. ਵੱਲੋਂ 31 ਨੂੰ 'ਭਾਰਤ ਬੰਦ' ਦਾ ਸੱਦਾ

ਨਵੀਂ ਦਿੱਲੀ, 25 ਮਈ - ਪੈਟਰੋਲ ਦੀ ਕੀਮਤ ਵਿਚ 7.50 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੁੰਦਿਆਂ ਸਾਰ ਜਨਤਾ ਨੇ ਮੁਲਕ ਭਰ ਵਿਚ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦਿਆਂ ਸੜਕਾਂ 'ਤੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਹਨ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਹਨ। ਇਥੋਂ ਤੱਕ ਕੇਂਦਰ ਦੀ ਗਠਜੋੜ ਸਰਕਾਰ ਵਿਚ ਭਾਈਵਾਲ ਪਾਰਟੀਆਂ ਨੇ ਵੀ ਪੈਟਰੋਲ ਕੀਮਤ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ। ਸਰਕਾਰ ਨੂੰ ਵਿਰੋਧੀ ਧਿਰ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਹੈ, ਨਾਲ ਕੇਂਦਰ ਨੂੰ ਸਮਰਥਨ ਦੇ ਰਹੀ ਸਮਾਜਵਾਦੀ ਪਾਰਟੀ, ਬਸਪਾ, ਖੱਬੇ ਦਲ, ਤ੍ਰਿਣਮੂਲ ਕਾਂਗਰਸ ਦਾ ਗੁੱਸਾ ਵੀ ਭੜਕ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਓਡੀਸ਼ਾ, ਜੰਮੂ ਤੇ ਕਸ਼ਮੀਰ, ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ ਆਦਿ ਸੂਬਿਆਂ ਸਮੇਤ ਮੁਲਕ ਭਰ ਵਿਚ ਲੋਕਾਂ ਨੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ।
ਐਨ.ਡੀ.ਏ. ਵੱਲੋਂ 31 ਨੂੰ ਭਾਰਤ ਬੰਦ ਦਾ ਸੱਦਾ-ਤੇਲ ਕੀਮਤ ਵਿਚ ਵਾਧੇ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਤੇ 31 ਮਈ ਨੂੰ ਦੇਸ਼-ਵਿਆਪੀ 'ਭਾਰਤ ਬੰਦ' ਦਾ ਸੱਦਾ ਦਿੱਤਾ ਹੈ। ਐਨ. ਡੀ. ਏ. ਦੇ ਕਨਵੀਨਰ ਸ਼ਰਦ ਯਾਦਵ ਨੇ ਇਸ ਬਾਰੇ ਦੱਸਿਆ ਕਿ ਐਨ. ਡੀ. ਏ. ਨੇ ਵਿਰੋਧੀ ਧਿਰ ਵਿਚ ਸ਼ਾਮਿਲ ਸਭ ਪਾਰਟੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ 'ਤੇ ਹੋਰ ਪਾਰਟੀਆਂ ਨਾਲ ਵੀ ਤਾਲਮੇਲ ਬਣਾਇਆ ਜਾਵੇਗਾ। ਇਸ ਗੱਲ ਨੂੰ ਰੱਦ ਕਰਦਿਆਂ ਕਿ ਤੇਲ ਕੀਮਤ ਵਿਚ ਵਾਧਾ ਪੈਟਰੋਲੀਅਮ ਕੰਪਨੀਆਂ ਨੇ ਵਧਾਇਆ ਹੈ, ਸ੍ਰੀ ਯਾਦਵ ਨੇ ਕਿਹਾ ਕਿ 'ਇਹ ਸਭ ਮਗਰਮੱਛ ਦੇ ਅੱਥਰੂ ਵਹਾਉਣ ਵਾਲੀ ਗੱਲ ਹੈ। ਉਨ੍ਹਾਂ ਪੁੱਛਿਆ ਕਿ ਆਖਿਰ ਲੋਕ ਸਭਾ ਇਜਲਾਸ ਖਤਮ ਹੋਣ ਤੋਂ ਬਾਅਦ ਹੀ ਪੈਟਰੋਲ ਕੀਮਤਾਂ ਕਿਉਂ ਵਧਾਈਆਂ ਗਈਆਂ। ਸਰਕਾਰ ਰਾਸ਼ਟਰਪਤੀ ਦੀ ਚੋਣ ਪਿਛੋਂ ਡੀਜ਼ਲ ਤੇ ਰਸੋਈ ਗੈਸ ਦੀ ਕੀਮਤਾਂ ਵਿਚ ਵੀ ਵਾਧਾ ਕਰ ਦੇਵੇਗੀ। ਇਹ ਸਰਕਾਰ ਅਮੀਰ-ਪੱਖੀ ਹੈ।
ਕਾਂਗਰਸ ਨੇ ਆਪਣੀਆਂ ਸੂਬਾਈ ਸਰਕਾਰਾਂ ਨੂੰ ਟੈਕਸ ਘਟਾਉਣ ਲਈ ਕਿਹਾ-ਨਵੀਂ ਦਿੱਲੀ-ਇਸ ਦੌਰਾਨ ਕਾਂਗਰਸ ਨੇ ਆਪਣੀਆਂ ਹਕੂਮਤਾਂ ਵਾਲੀਆਂ ਸੂਬਾਈ ਸਰਕਾਰਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਉਹ ਪੈਟਰੋਲ 'ਤੇ ਵੈਟ ਘੱਟ ਕਰਨ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਰੈਡੀ ਨੇ ਵਿਦੇਸ਼ੀ ਦੌਰੇ 'ਚ ਕੀਤੀ ਕਟੌਤੀ-ਇਸ ਦੌਰਾਨ ਤੁਰਕਮੇਨਿਸਤਾਨ ਦੇ ਦੌਰੇ 'ਤੇ ਗਏ ਕੇਂਦਰੀ ਤੇਲ ਮੰਤਰੀ ਜੈਪਾਲ ਰੈਡੀ ਨੇ ਇਕ ਦਿਨ ਪਹਿਲਾਂ ਯਾਨੀ ਅੱਜ ਸ਼ਾਮ ਤੱਕ ਦੇਸ਼ ਪਰਤਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਸਬੰਧੀ ਮੰਤਰੀ ਸਮੂਹ ਦੀ ਵਿਸ਼ੇਸ਼ ਬੈਠਕ ਹੋ ਰਹੀ ਹੈ।
ਤੇਲ ਕੰਪਨੀਆਂ ਵੱਲੋਂ ਤੇਲ ਕੀਮਤਾਂ 'ਚ ਕਟੌਤੀ ਦਾ ਸੰਕੇਤ-ਪੈਟਰੋਲ ਕੀਮਤਾਂ ਵਿਚ ਬੀਤੇ ਦਿਨ ਕੀਤੇ ਭਾਰੀ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਸੰਕੇਤ ਦਿੱਤਾ ਹੈ ਕਿ ਕੌਮਾਂਤਰੀ ਤੇਲ ਕੀਮਤਾਂ ਵਿਚ ਕਮੀ ਦੇ ਆਸਾਰ ਵੇਖਦਿਆਂ ਅਗਲੇ ਮਹੀਨੇ ਤੇਲ ਕੀਮਤਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ। ਆਈ.ਓ.ਸੀ. ਦੇ ਚੇਅਰਮੈਨ ਆਰ.ਐਸ.ਬੂਤੋਲਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਾਜ਼ਾ ਝੁਕਾਅ (ਅੰਤਰਰਾਸ਼ਟਰੀ ਤੇਲ ਕੀਮਤਾਂ ਦਾ) ਤੋਂ ਸੰਕੇਤ ਮਿਲ ਰਿਹਾ ਹੈ ਕਿ ਤੇਲ ਕੀਮਤਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ।
ਖੱਬੇ ਪੱਖੀ ਮਨਾਉਣਗੇ 31 ਨੂੰ ਵਿਰੋਧ ਦਿਵਸ-ਇਸ ਦੌਰਾਨ ਖੱਬੇ ਦਲਾਂ ਮਾਰਕਸੀ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਰੈਵੋਲਿਸ਼ਨਰੀ ਸ਼ੋਸ਼ਲਿਸਟ ਪਾਰਟੀ ਤੇ ਫਾਰਵਰਡ ਬਲਾਕ ਨੇ 31 ਮਈ ਨੂੰ ਸਰਬ ਭਾਰਤੀ ਵਿਰੋਧ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਰੀ ਬਿਆਨ ਵਿਚ ਕੇਂਦਰ ਸਰਕਾਰ ਵੱਲੋਂ ਪੈਟਰੋਲ ਕੀਮਤਾਂ ਵਿਚ ਕੀਤੇ ਵਾਧੇ ਦੀ ਨਿਖੇਧੀ ਕੀਤੀ।