ਪੈਟਰੋਲ ਨਾਲੋਂ ਸ਼ਰਾਬ ਸਸਤੀ : ਠਾਕਰੇ

ਮੁੰਬਈ - ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਪੈਟਰੋਲ ਦੀਆਂ ਕੀਮਤਾਂ 'ਚ  ਵਾਧੇ 'ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਹੁਣ ਮਹਾਰਾਸ਼ਟਰ ਵਿਚ ਪੈਟਰੋਲ ਨਾਲੋਂ ਸਸਤੀ ਸ਼ਰਾਬ ਹੋ ਗਈ ਹੈ। ਸ਼ਿਵ ਸੈਨਾ ਦੇ ਮੁੱਖ ਰਸਾਲੇ 'ਸਾਮਨਾ'  ਵਿਚ ਠਾਕਰੇ ਨੇ ਲਿਖਿਆ ਕਿ 'ਵਾਹ ਰੇ ਕਾਂਗਰਸ ਤੇਰਾ ਖੇਲ, ਸਸਤੀ ਦਾਰੂ ਪਰ ਮਹਿੰਗਾ ਤੇਲ'। ਪਿਛਲੇ ਤਿੰਨ ਸਾਲਾਂ 'ਚ 16 ਵਾਰ ਤੇਲ ਦੀਆਂ ਕੀਮਤਾਂ 'ਚ ਵਾਧੇ ਲਈ ਕਾਂਗਰਸ ਸਰਕਾਰ ਦੀ ਆਲੋਚਨਾ ਕਰਦਿਆਂ ਠਾਕਰੇ ਨੇ ਕਿਹਾ ਕਿ ਆਮ ਆਦਮੀ ਦੀ ਸੁਰੱਖਿਆ ਦੀ ਬਜਾਏ ਕਾਂਗਰਸ ਨੇ ਗਰੀਬਾਂ ਦਾ ਗਲਾ ਘੁੱਟਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੌਮਾਂਤਰੀ ਬਾਜ਼ਾਰ ਤੋਂ 35 ਰੁਪਏ ਪ੍ਰਤੀ ਲੀਟਰ ਪੈਟਰੋਲ ਖਰੀਦਦਾ ਹੈ ਅਤੇ ਇਹ ਖਪਤਕਾਰਾਂ ਨੂੰ  8 ਵੱਖ-ਵੱਖ ਟੈਕਸਾਂ ਕਾਰਨ ਲਗਭਗ 80 ਰੁਪਏ ਪ੍ਰਤੀ ਲੀਟਰ ਦਾ ਪੈਂਦਾ ਹੈ।