ਜਲੰਧਰ ਤੇ ਲੁਧਿਆਣਾ ਲਈ ਖੁਸ਼ਖਬਰੀ

ਨਵੀਂ ਦਿੱਲੀ (ਸੁਨੀਲ ਪਾਂਡੇ)—ਜਲੰਧਰ ਤੇ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫਰ ਕਰਨ ਵਾਲੇ ਲੱਖਾਂ ਮੁਸਾਫਰਾਂ ਲਈ ਚੰਗੀ ਖਬਰ ਹੈ। ਹੁਣ ਉਹ ਵੀ ਆਸਾਨੀ ਨਾਲ ਦੁਰੰਤੋ ੰਐਕਸਪ੍ਰੈੱਸ ਦੀ ਸਵਾਰੀ ਕਰ ਸਕਣਗੇ ਅਤੇ ਘੱਟ ਸਮੇਂ ਵਿਚ ਚੰਡੀਗੜ੍ਹ ਪੁੱਜ ਜਾਣਗੇ। ਸਭ ਕੁਝ ਠੀਕ-ਠਾਕ ਰਿਹਾ ਤਾਂ ਆਉਣ ਵਾਲੀ 19 ਸਤੰਬਰ ਤੋਂ ਜਲੰਧਰ ਅਤੇ ਲੁਧਿਆਣਾ ਵਾਸੀਆਂ ਲਈ ਵੀ ਦੁਰੰਤੋ ਦਾ ਦਰਵਾਜ਼ਾ ਖੁੱਲ੍ਹ ਜਾਵੇਗਾ। ਉਦਾਹਰਨ ਦੇ ਤੌਰ 'ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ  ਦਰਮਿਆਨ ਚੱਲਣ ਵਾਲੀ ਦੁਰੰਤੋ ਐਕਸਪ੍ਰੈੱਸ (ਗੱਡੀ ਨੰਬਰ—12242/12241) ਹੁਣ ਜਲੰਧਰ ਸ਼ਹਿਰ ਅਤੇ ਲੁਧਿਆਣਾ ਸਟੇਸ਼ਨ 'ਤੇ ਵੀ ਰੁਕੇਗੀ। ਜਲੰਧਰ ਸ਼ਹਿਰ ਵਿਚ 3 ਮਿੰਟ ਅਤੇ ਲੁਧਿਆਣਾ ਸਟੇਸ਼ਨ 'ਤੇ 5 ਮਿੰਟ ਦੁਰੰਤੋ ਦਾ ਸਟਾਪੇਜ ਹੋਵੇਗਾ।
ਹੁਣ ਇਹ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਸਿੱਧੀ ਚੰਡੀਗੜ੍ਹ ਹੀ ਰੁਕਦੀ ਹੈ। ਇਸ ਬਾਰੇ ਉਤਰ ਰੇਲਵੇ ਨੇ ਅੱਜ ਇਕ ਸਰਕੂਲਰ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ-ਚੰਡੀਗੜ੍ਹ ਦੁਰੰਤੋ ਦੇਸ਼ ਦੀ ਪਹਿਲੀ ਦੁਰੰਤੋ ਬਣ ਗਈ ਹੈ ਜਿਸ ਦੇ ਰਸਤੇ ਵਿਚ ਸਟਾਪੇਜ ਕੀਤਾ ਜਾ ਰਿਹਾ ਹੈ। ਉੱਤਰ ਰੇਲਵੇ ਨੇ ਇਸ ਵਿਸ਼ੇਸ਼ ਟ੍ਰੇਨ ਨੂੰ ਜਨਰਲ ਸ਼੍ਰੇਣੀ ਤੋਂ ਅਪਗ੍ਰੇਡ ਕਰਕੇ ਸੁਪਰ ਫਾਸਟ ਐਕਸਪ੍ਰੈੱਸ ਟ੍ਰੇਨ ਦਾ ਦਰਜਾ ਵੀ ਦੇ ਦਿੱਤਾ ਹੈ।
ਲਿਹਾਜ਼ਾ ਨਵੀਂ ਵਿਵਸਥਾ ਤਹਿਤ ਇਸ ਦੇ ਟਿਕਟ ਦੇ ਕਿਰਾਏ ਵਿਚ ਵੀ ਵਾਧਾ ਹੋ ਜਾਵੇਗਾ ਕਿਉਂਕਿ ਪ੍ਰਤੀ ਟਿਕਟ ਵਿਚ ਸੁਪਰਫਾਸਟ ਚਾਰਜ ਜੁੜ ਜਾਵੇਗਾ। ਇਨ੍ਹਾਂ ਦੋਵਾਂ ਸਟੇਸ਼ਨਾਂ 'ਤੇ ਸਟਾਪੇਜ ਦੇ ਨਾਲ ਹੀ ਟ੍ਰੇਨ ਦੀ ਮੌਜੂਦਾ ਸਮਾਂ ਸਾਰਨੀ ਵਿਚ ਵੀ ਬਦਲਾਅ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੁਰੰਤੋ ਐਕਸਪ੍ਰੈੱਸ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਨਿਰਧਾਰਿਤ ਸਮਾਂ ਸਵੇਰੇ 5.20 ਵਜੇ ਚੱਲੇਗੀ ਅਤੇ 6.12 ਵਜੇ ਜਲੰਧਰ ਸ਼ਹਿਰ ਪੁੱਜੇਗੀ। 6.15 ਵਜੇ ਇਥੋਂ ਰਵਾਨਾ ਹੋਵੇਗੀ, 7.15 ਵਜੇ ਲੁਧਿਆਣਾ ਸਟੇਸ਼ਨ ਪੁੱਜੇਗੀ।
ਇਹੀ ਸਟੇਸ਼ਨ ਅਤੇ ਸ਼ਹਿਰ ਵੱਡਾ ਹੈ, ਇਸ ਲਈ ਇਥੇ 5 ਮਿੰਟ ਦਾ ਸਟਾਪੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ 7. 20 ਵਜੇ ਇਹ ਟ੍ਰੇਨ ਚੱਲੇਗੀ ਅਤੇ 9.45 ਵਜੇ ਚੰਡੀਗੜ੍ਹ ਸਟੇਸ਼ਨ 'ਤੇ ਪੁੱਜ ਜਾਵੇਗੀ। ਇਹ ਟ੍ਰੇਨ ਰੋਜ਼ਾਨਾ ਨੌਕਰੀਪੇਸ਼ਾ ਕਰਮਚਾਰੀਆਂ ਨੂੰ  ਰਾਜਧਾਨੀ ਚੰਡੀਗੜ੍ਹ ਡਿਊਟੀ 'ਤੇ ਸਮੇਂ ਸਿਰ ਪਹੁੰਚਾਉਣ  ਲਈ ਬਹੁਤ ਖਾਸ ਮੰਨੀ ਜਾ ਰਹੀ ਹੈ। ਵਾਪਸੀ 'ਤੇ ਇਹ ਟ੍ਰੇਨ ਚੰਡੀਗੜ੍ਹ ਤੋਂ ਸ਼ਾਮ 6.50 ਵਜੇ ਚੱਲੇਗੀ। ਹੁਣ ਇਹ ਸ਼ਾਮ 7 ਵਜੇ ਚੱਲਦੀ ਹੈ। ਚੰਡੀਗੜ੍ਹ ਤੋਂ ਚੱਲ ਕੇ 9.05 ਵਜੇ ਲੁਧਿਆਣਾ ਸਟੇਸ਼ਨ ਪੁੱਜੇਗੀ ਅਤੇ ਇਥੋਂ ਰਾਤ 9.10 ਵਜੇ ਰਵਾਨਾ ਹੋ ਕੇ ਰਾਤ 9.57 ਵਜੇ ਜਲੰਧਰ ਸਿਟੀ ਪੁੱਜੇਗੀ। ਜਲੰਧਰ ਸਿਟੀ ਤੋਂ ਠੀਕ ਰਾਤ 10 ਵਜੇ ਚੱਲੇਗੀ ਅਤੇ ਰਾਤ 11.15 ਵਜੇ ਅੰਮ੍ਰਿਤਸਰ ਸਟੇਸ਼ਨ 'ਤੇ ਪੁੱਜੇਗੀ।